ਖੇਡ ਮੰਤਰੀ ਮੀਤ ਹੇਅਰ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ
ਪੰਜਾਬ ਦੇ ਸਮੂਹ ਐਵਾਰਡ ਜੇਤੂ 202 ਖਿਡਾਰੀ ਤੇ ਖਿਡਾਰਨਾਂ ਬਣੇ ਕੈਲੰਡਰ ਦਾ ਹਿੱਸਾ: ਮੀਤ ਹੇਅਰ
News99
ਪਟਿਆਲਾ 31 ਦਸੰਬਰ:
ਖੇਡ ਮੰਤਰੀ ਪੰਜਾਬ ਮੀਤ ਹੇਅਰ ਵਲੋਂ ਅੱਜ ਇਥੇ ਸੂਬੇ ਦੀ ਖੇਡ ਯੂਨੀਵਰਸਿਟੀ ਮਹਾਂਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦਾ ਸਾਲ 2024 ਦਾ ਕੈਲੰਡਰ ਜਾਰੀ ਕੀਤਾ ਗਿਆ ਹੈ। ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਸੂਬੇ ਦੀ ਗੁਆਚੀ ਸ਼ਾਂ ਨੂੰ ਬਹਾਲ ਕਰਨ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ।
ਉਹਨਾਂ ਕਿਹਾ ਅੱਜ ਜੋ ਕੈਲੰਡਰ ਜਾਰੀ ਕੀਤਾ ਗਿਆ ਉਸ ਵਿਚ ਇਕ ਸਾਲ ਦੌਰਾਨ ਪੰਜਾਬ ਦੇ ਖਿਡਾਰੀਆਂ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਇਸ ਕੈਲੰਡਰ ਵਿਚ ਪ੍ਰਕਾਸ਼ਤ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਖੇਡ ਪੰਜਾਬ ਦੇ ਖਿਡਾਰੀਆਂ ਨੇ ਹੁਣ ਤੱਕ ਚਾਰ ਪਦਮਾ ਭੂਸ਼ਣ, 24 ਪਦਮਾ ਸ਼੍ਰੀ, ਚਾਰ ਖੇਲ ਰਤਨ ਪੁਰਸਕਾਰ, 129 ਅਰਜੁਨਾ ਐਵਾਰਡ, 15 ਦਰੋਣਾਚਾਰੀਆ ਐਵਾਰਡ, 21 ਧਿਆਨ ਚੰਦ ਐਵਾਰਡ ਅਤੇ ਪੰਜ ਤੇਨਜ਼ਿੰਗ ਨਾਰਗੇ ਪੁਰਸਕਾਰ ਜਿੱਤੇ ਹਨ। ਸਮੂਹ 202 ਐਵਾਰਡ ਜੇਤੂ ਖਿਡਾਰੀ ਕੈਲੰਡਰ ਵਿੱਚ ਸ਼ਾਮਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਹ ਕੈਲੰਡਰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਦੇ ਸਮੂਹ ਐਵਾਰਡ ਜੇਤੂ ਖਿਡਾਰੀ ਤੇ ਖਿਡਾਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕੈਲੰਡਰ ਦੇ ਦੋ ਮਾਡਲ ਤਿਆਰ ਕੀਤੇ ਗਏ ਹਨ, ਇੱਕ ਦੀਵਾਰ ਵਾਲਾ ਅਤੇ ਦੂਜਾ ਟੇਬਲ ਕੈਲੰਡਰ।
ਇਸ ਮੌਕੇ ਖੇਡ ਮੰਤਰੀ ਨੇ ਨਵੇਂ ਸਾਲ ਦੀ ਸਮੂਹ ਪੰਜਾਬੀਆਂ ਅਤੇ ਖੇਡ ਜਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦਾ ਅਮੀਰ ਖੇਡ ਵਿਰਸਾ ਹੈ ਅਤੇ ਪੰਜਾਬੀ ਖਿਡਾਰੀਆਂ ਨੇ ਕੁੱਲ ਦੁਨੀਆਂ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਇਆ ਹੈ।ਨਵੀਂ ਖੇਡ ਨੀਤੀ ਦੇ ਪਹਿਲੇ ਹੀ ਸਾਲ ਸਾਰਥਿਕ ਨਤੀਜੇ ਸਾਹਮਣੇ ਆਏ ਅਤੇ ਪੰਜਾਬ ਦੇ ਖਿਡਾਰੀਆਂ ਨੇ ਏਸ਼ੀਅਨ ਗੇਮਜ਼ ਵਿੱਚ 72 ਸਾਲ ਦੇ ਰਿਕਾਰਡ ਤੋੜਦਿਆਂ 8 ਸੋਨ ਤਮਗ਼ਿਆਂ ਸਣੇ ਕੁੱਲ 20 ਤਮਗ਼ੇ ਜਿੱਤੇ।