https://pagead2.googlesyndication.com/pagead/js/adsbygoogle.js?client=ca-pub-7816955143159533
Malwa PoliticsTop 10 Newsਰਾਜਨੀਤੀ

ਪਾਰਲੀਮੈਂਟ ‘ਚ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਕਰਾਂਗਾ ਆਵਾਜ਼ ਬੁਲੰਦ-ਕਰਮਜੀਤ ਅਨਮੋਲ

ਸੁਖਜਿੰਦਰ ਸਹੋਤਾ

ਫ਼ਰੀਦਕੋਟ 14 ਮਈ,

ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੀ ਹੈ। ਪਾਰਟੀ ਨੇ ਟਕਸਾਲੀ ਆਪ ਆਗੂ ਪਿਆਰਾ ਸਿੰਘ ਬੱਧਨੀ ਨੂੰ ਕਰਮਜੀਤ ਅਨਮੋਲ ਦਾ ਕਵਰਿੰਗ ਕੈਂਡੀਡੇਟ ਬਣਾਇਆ ਹੈ। ਕਰਮਜੀਤ ਅਨਮੋਲ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੁਪਹਿਰ ਕਰੀਬ 2 ਵਜੇ ਆਪਣੇ ਕਾਗ਼ਜ਼ ਦਾਖਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਬਿਨੂੰ ਢਿੱਲੋਂ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਐਡਵੋਕੇਟ ਵਰਿੰਦਰ ਰੱਤੀਆਂ ਅਤੇ ਐਡਵੋਕੇਟ ਕਮਲਪ੍ਰੀਤ ਬਾਵਾ ਮੌਜੂਦ ਸਨ।

Add

ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾਣ ਤੋਂ ਪਹਿਲਾਂ ਕਰਮਜੀਤ ਅਨਮੋਲ ਨੇ ਦਾਣਾ ਮੰਡੀ ਕੋਟਕਪੂਰਾ ਤੋਂ ਫ਼ਰੀਦਕੋਟ ਤੱਕ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ  ਫ਼ਿਲਮ ਜਗਤ ਦੇ ਨਾਮਵਰ ਸਿਤਾਰੇ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਮਲਕੀਤ ਰੌਣੀ, ਭੋਲਾ ਯਮਲਾ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਲੋਕ ਸਭਾ ਹਲਕੇ ਦੇ ਸਾਰੇ ਵਿਧਾਇਕ ਮੌਜੂਦ ਸਨ। ਇਨਾ ਵਿਧਾਇਕਾਂ ਵਿੱਚ ਦਵਿੰਦਰਜੀਤ ਸਿੰਘ ਲਾਡੀ ਢੋਂਸ, ਮਨਜੀਤ ਸਿੰਘ ਬਿਲਾਸਪੁਰ, ਡਾ. ਅਮਨਦੀਪ ਕੌਰ ਅਰੋੜਾ, ਬਲਕਾਰ ਸਿੱਧੂ, ਅੰਮ੍ਰਿਤਪਾਲ ਸਿੰਘ ਸੁਖਾਨੰਦ,ਅਮੋਲਕ ਸਿੰਘ ਅਤੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਸ਼ਾਮਿਲ ਸਨ।

Add

ਸਾਰੇ ਵਿਧਾਇਕ ਅਤੇ ਪਾਰਟੀ ਲੀਡਰ ਆਪਣੇ-ਆਪਣੇ ਕਾਫ਼ਲਿਆਂ ਨਾਲ ਸਵੇਰੇ ਦਾਣਾ ਮੰਡੀ ਕੋਟਕਪੂਰਾ ਵਿਖੇ ਇਕੱਠੇ ਹੋਏ। ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਫ਼ਰੀਦਕੋਟ ਹਲਕੇ ਦੀ ਕਾਇਆ-ਕਲਪ ਕਰਨ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਦੀ ਇਸ ਪਵਿੱਤਰ ਧਰਤੀ ਨੂੰ ਹਰੀ ਭਰੀ ਅਤੇ ਸਾਫ਼ ਸੁਥਰੀ ਬਣਾਉਣਾ ਪਹਿਲੀ ਤਰਜੀਹ ਹੈ।

Add

ਇਸ ਮੌਕੇ ਕਰਮਜੀਤ ਅਨਮੋਲ ਨੇ ਸਾਰੇ ਵਰਗਾਂ ਦੀ ਖ਼ੁਸ਼ਹਾਲੀ ਲਈ ਪੂਰੇ ਹਲਕੇ ਵਿੱਚ ਖੇਤੀਬਾੜੀ ‘ਤੇ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ, ਨੌਜਵਾਨਾਂ ਲਈ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਖੇਡਾਂ ਲਈ ਸਟੇਡੀਅਮ ਸਥਾਪਿਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਪਿੰਡਾਂ ਦੇ ਯੂਥ ਕਲੱਬਾਂ ਨੂੰ ਤਕੜਾ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਤਜਵੀਜਤ ਮਾਲਵਾ ਨਹਿਰ ਦੀ ਉਸਾਰੀ ਤੇਜ਼ੀ ਨਾਲ ਕਰਾਉਣ ਦਾ ਵਾਅਦਾ ਵੀ ਫ਼ਰੀਦਕੋਟ ਹਲਕੇ ਨਾਲ ਕੀਤਾ।

Add

ਇਸ ਤੋਂ ਇਲਾਵਾ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ, ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਨੂੰ ਪੀਜੀਆਈ ਚੰਡੀਗੜ੍ਹ ਦੇ ਬਰਾਬਰ ਲੈ ਕੇ ਜਾਣ ਦਾ ਅਹਿਦ ਵੀ ਲਿਆ। ਅਨਮੋਲ ਨੇ ਫ਼ਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦਾ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਵੀ ਕਾਫ਼ੀ ਵੱਡਾ ਨਾਮ ਰਿਹਾ ਹੈ, ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸੰਕਲਪ ਮੁਤਾਬਿਕ ਫ਼ਰੀਦਕੋਟ ਨੂੰ ਸਕੂਲੀ ਅਤੇ ਉੱਚ ਸਿੱਖਿਆ ‘ਚ ਪੰਜਾਬ ਦਾ ਨੰਬਰ ਇੱਕ ਕੇਂਦਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਲਟਕੀ ਕੋਟਕਪੂਰਾ-ਮੋਗਾ ਰੇਲ ਲਿੰਕ ਨੂੰ ਸਿਰੇ ਚੜ੍ਹਾਉਣ ਦੀ ਗੱਲ ਵੀ ਕਰਮਜੀਤ ਅਨਮੋਲ ਨੇ ਕੀਤੀ।

ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਗ਼ਰੀਬਾਂ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ-ਕਾਰੋਬਾਰੀਆਂ ਅਤੇ ਨੌਕਰੀ ਪੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਧੜੱਲੇ ਨਾਲ ਉਠਾਉਣਗੇ।

ਕਰਮਜੀਤ ਅਨਮੋਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੈਂਬਰ ਪਾਰਲੀਮੈਂਟ ਬਣਨ ਦੀ ਸੂਰਤ ਵਿੱਚ ਉਹ ਜਿੱਥੇ ਕੇਂਦਰ ਤੋਂ ਫ਼ਰੀਦਕੋਟ ਲਈ ਵੱਡੇ ਪ੍ਰੋਜੈਕਟ ਅਤੇ ਫ਼ੰਡ ਲੈ ਕੇ ਆਉਣਗੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਫਰੀਦਕੋਟੀਆਂ ਲਈ ਮੂੰਹ ਮੰਗੀਆਂ ਸਕੀਮਾਂ ਅਤੇ ਗਰਾਂਟਾਂ ਵੀ ਲੈ ਕੇ ਆਉਣਗੇ।

ਕਰਮਜੀਤ ਅਨਮੋਲ ਨੇ ਕਿਹਾ ਕਿ ਚੌਥੇ ਪੜਾਅ ਦੀਆਂ ਵੋਟਾਂ ਉਪਰੰਤ ਦੇਸ਼ ਦੀ ਸਿਆਸੀ ਫ਼ਿਜ਼ਾ ਬਦਲਣ ਲੱਗੀ ਹੈ। ਮੀਡੀਆ ਦਾ ਇੱਕ ਹਿੱਸਾ ਅਤੇ ਸਰਵੇ ਸਰਵੇਖਣ ਇੰਡੀਆ ਗੱਠਜੋੜ ਦੀ ਸਰਕਾਰ ਬਣਾ ਰਹੇ ਹਨ। ਜੇਕਰ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਭਗਵੰਤ ਸਿੰਘ ਮਾਨ ਦੇ ਦੋ ਚਾਰ ਸਿਪਾਹੀ ਵੀ ਕੇਂਦਰੀ ਮੰਤਰੀ ਜ਼ਰੂਰ ਬਣਨਗੇ। ਇਸ ਲਈ ਭਗਵੰਤ ਮਾਨ ਦੇ ਮਿਸ਼ਨ 13-0 ‘ਚ ਫ਼ਰੀਦਕੋਟ ਪਹਿਲੇ ਨੰਬਰ ‘ਤੇ ਆਉਣਾ ਚਾਹੀਦਾ ਹੈ।

ਕਰਮਜੀਤ ਅਨਮੋਲ ਨੇ ਕਿਹਾ ਕਿ ਇਹ ਚੋਣਾਂ ਆਮ ਚੋਣਾਂ ਨਹੀਂ ਹਨ। ਇਹ ਚੋਣਾਂ ਮੋਦੀ ਸਰਕਾਰ ਦੇ ਜਬਰ ਅਤੇ ਜ਼ੁਲਮ ਵਿਰੁੱਧ ਇੱਕ ਜੰਗ ਹੈ ਤਾਂ ਕਿ ਲੋਕਤੰਤਰ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਫਕਰ ਵਾਲੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਇਹ ਜੰਗ ਮੂਹਰੇ ਹੋ ਕੇ ਲੜ ਰਹੇ।

ਇਸ ਉਪਰੰਤ ਸੈਂਕੜੇ ਕਾਰਾਂ ਮੋਟਰਸਾਈਕਲਾਂ ਅਤੇ ਟਰੈਕਟਰ ਦੇ ਕਾਫ਼ਲੇ ਨਾਲ ਕਰਮਜੀਤ ਅਨਮੋਲ ਫ਼ਰੀਦਕੋਟ ਨੂੰ ਰਵਾਨਾ ਹੋਏ। ਕੋਟਕਪੂਰਾ ਸੰਧਵਾਂ ਅਤੇ ਫ਼ਰੀਦਕੋਟ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਲੋਕਾਂ ਨੇ ਕਾਫ਼ਲੇ ‘ਤੇ ਫੁੱਲਾਂ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਇਸ ਕਾਫ਼ਲੇ ਦੀ ਸਮਾਪਤੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਹੋਈ। ਇਸ ਉਪਰੰਤ ਕਰਮਜੀਤ ਅਨਮੋਲ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਦਫ਼ਤਰ ਵਿੱਚ ਨਾਮਜ਼ਦਗੀ ਦਾਖਲ ਕਰਾਉਣ ਪਹੁੰਚੇ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}